ਰੂਪਨਗਰ, 11 ਮਈ: ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ) ਲੁਧਿਆਣਾ ਦੇ ਪਸਾਰ ਸਿੱਖਿਆ ਨਿਰਦੇਸ਼ਕ ਅਤੇ ਆਈ.ਸੀ.ਏ.ਆਰ.-ਅਟਾਰੀ, ਜ਼ੋਨ-1, ਲੁਧਿਆਣਾ ਦੀ ਯੋਗ ਅਗਵਾਈ ਹੇਠ ਕ੍ਰਿਸ਼ੀ ਵਿਗਿਆਨ ਕੇਂਦਰ (ਕੇਵੀਕੇ) ਰੋਪੜ ਨੇ ਪੌਦਾ ਰੋਗ ਵਿਗਿਆਨ ਵਿਭਾਗ ਪੀਏਯੂ ਦੇ ਸਹਿਯੋਗ ਨਾਲ ਅੱਜ ਐਸਆਰਬੀਐਸਡੀਵੀ (ਸਦਰਨ ਰਾਈਸ ਬ੍ਲੈਕ-ਸਟ੍ਰੀਕੱਡ ਡਵਾਰਫ ਵਾਇਰਸ) ਕਾਰਨ ਝੋਨੇ ਵਿੱਚ ਹੋਣ ਵਾਲੀ ਮੱਧਰੇਪਨ ਦੀ ਬਿਮਾਰੀ ਦੇ ਮੁੱਦੇ 'ਤੇ ਇੱਕ ਕਿਸਾਨ- ਵਿਗਿਆਨਕ ਵਿਚਾਰ ਵਟਾਂਦਰੇ ਦਾ ਆਯੋਜਨ ਕੀਤਾ ਗਿਆ।
ਐਸੋਸੀਏਟ ਡਾਇਰੈਕਟਰ (ਸਿਖਲਾਈ) ਕੇਵੀਕੇ ਰੋਪੜ ਡਾ. ਸਤਬੀਰ ਸਿੰਘ ਨੇ ਮੁੱਖ ਮਹਿਮਾਨ ਵਧੀਕ ਨਿਰਦੇਸ਼ਕ ਪਸਾਰ ਸਿੱਖਿਆ, ਪੀਏਯੂ ਲੁਧਿਆਣਾ ਡਾ. ਪ੍ਰਭਜੋਧ ਸਿੰਘ ਸੰਧੂ ਦਾ ਸਵਾਗਤ ਕੀਤਾ ਅਤੇ ਭਾਗ ਲੈਣ ਵਾਲੇ ਕਿਸਾਨਾਂ ਦਾ ਸਵਾਗਤ ਕੀਤਾ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰ ਡਾ. ਅਮਰਜੀਤ ਸਿੰਘ ਅਤੇ ਡਾ. ਮਨਦੀਪ ਸਿੰਘ ਹੁੰਜਨ ਨੇ ਝੋਨੇ ਦੇ ਖੇਤਾਂ ਵਿੱਚ ਮੱਧਰੇਪਨ ਦੀ ਬਿਮਾਰੀ ਦੀ ਪਛਾਣ ਅਤੇ ਫੈਲਾਅ ਬਾਰੇ ਵਿਸਥਾਰ ਵਿਚ ਜਾਣਕਾਰੀ ਸਾਂਝੀ ਕੀਤੀ। ਮਾਹਿਰਾਂ ਨੇ ਜ਼ੋਰ ਦੇ ਕੇ ਕਿਹਾ ਕਿ ਬਿਮਾਰੀ ਦੇ ਫੈਲਾਅ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਰੋਕਣ ਲਈ ਇਸ ਨੂੰ ਫੈਲਾਉਣ ਵਾਲੇ ਕੀੜੇ (ਵੈਕਟਰ), ਵ੍ਹਾਈਟ ਬੈਕਡ ਪਲਾਂਟ ਹੌਪਰ (ਡਬਲਯੂਬੀਪੀਐਚ) ਦੀ ਮੁਹਿੰਮ-ਅਧਾਰਤ ਰੋਕਥਾਮ ਝੋਨੇ ਦੀਆਂ ਨਰਸਰੀਆਂ ਅਤੇ ਟ੍ਰਾਂਸਪਲਾਂਟ ਕੀਤੇ ਖੇਤਾਂ ਦੋਵਾਂ ਵਿੱਚ ਕੀਤੀ ਜਾਣੀ ਚਾਹੀਦੀ ਹੈ।
ਵਧੀਕ ਨਿਰਦੇਸ਼ਕ ਪਸਾਰ ਸਿੱਖਿਆ, ਪੀਏਯੂ ਲੁਧਿਆਣਾ ਡਾ. ਪ੍ਰਭਜੋਧ ਸਿੰਘ ਸੰਧੂ ਆਪਣੇ ਸੰਬੋਧਨ ਵਿੱਚ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਉਹ ਪਾਣੀ ਲਗਾਉਣ ਲਈ ਵਰਤੀਆਂ ਜਾਣ ਵਾਲੀਆਂ ਖਾਲਾਂ ਅਤੇ ਖੇਤਾਂ ਦੇ ਬੰਨ੍ਹਾਂ ਦੇ ਨਾਲ-ਨਾਲ ਨਦੀਨਾਂ ਨੂੰ ਸਮੇਂ ਸਿਰ ਹਟਾਉਣ, ਨਾਲ ਹੀ ਝੋਨੇ ਦੀਆਂ ਨਰਸਰੀਆਂ ਵਿੱਚ ਡਬਲਯੂਬੀਪੀਐਚ ਦੀ ਆਬਾਦੀ ਦੀ ਲਗਾਤਾਰ ਨਿਗਰਾਨੀ ਕਰਕੇ ਇਸ ਬਿਮਾਰੀ ਫੈਲਾਉਣ ਵਾਲੇ ਕੀੜੇ ਦੇ ਜੀਵਨ ਚੱਕਰ ਨੂੰ ਤੋੜਨ। ਉਨ੍ਹਾਂ ਇਹ ਵੀ ਜ਼ੋਰ ਦਿੱਤਾ ਕਿ ਕੰਢੀ ਖੇਤਰਾਂ ਵਿੱਚ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ, ਜਿੱਥੇ ਇਹ ਸਮੱਸਿਆ ਪੰਜਾਬ ਦੇ ਹੋਰ ਖੇਤਰਾਂ ਨਾਲੋਂ ਤੁਲਨਾਤਮਕ ਤੌਰ 'ਤੇ ਵੱਧ ਹੈ।
ਪ੍ਰੋਗਰਾਮ ਦਾ ਤਾਲਮੇਲ ਸਹਾਇਕ ਪ੍ਰੋਫੈਸਰ (ਪੌਦ ਸੁਰੱਖਿਆ) ਡਾ. ਉਰਵੀ ਸ਼ਰਮਾ ਦੁਆਰਾ ਕੀਤਾ ਗਿਆ, ਜਿਨ੍ਹਾਂ ਨੇ ਕਿਸਾਨਾਂ ਨਾਲ ਉਨ੍ਹਾਂ ਦੇ ਖੇਤ ਦੇ ਤਜ਼ਰਬਿਆਂ ਦੇ ਆਧਾਰ 'ਤੇ ਝੋਨੇ ਦੀ ਫਸਲ ਦੀ ਸਿਹਤ ਅਤੇ ਬਿਮਾਰੀ ਦੀ ਰੋਕਥਾਮ ਬਾਰੇ ਗੱਲਬਾਤ ਕੀਤੀ। ਪ੍ਰੋਗਰਾਮ ਦੌਰਾਨ ਝੋਨੇ ਅਤੇ ਬਾਸਮਤੀ ਵਿੱਚ ਬੀਜ ਇਲਾਜ ਦੀ ਮਹੱਤਤਾ 'ਤੇ ਵੀ ਜ਼ੋਰ ਦਿੱਤਾ ਗਿਆ।
ਸਹਾਇਕ ਪ੍ਰੋਫੈਸਰ (ਭੂਮੀ ਵਿਗਿਆਨ) ਡਾ. ਜਗਮਨਜੋਤ ਸਿੰਘ ਨੇ ਖਾਦਾਂ ਦੀ ਜਰੂਰਤ ਅਨੁਸਾਰ ਅਤੇ ਸੰਤੁਲਿਤ ਵਰਤੋਂ ਦੀ ਮਹੱਤਤਾ ਬਾਰੇ ਵਿਸਥਾਰ ਵਿੱਚ ਦੱਸਿਆ, ਇਹ ਵੀ ਦੱਸਿਆ ਕਿ ਸਹੀ ਪੌਸ਼ਟਿਕ ਖਾਦਾਂ ਦੀ ਵਰਤੋਂ ਝੋਨੇ ਦੀਆਂ ਫਸਲਾਂ ਵਿੱਚ ਕੀੜੇ-ਮਕੌੜਿਆਂ ਅਤੇ ਬਿਮਾਰੀਆਂ ਦੇ ਹਮਲੇ ਨੂੰ ਘਟਾਉਣ ਵਿੱਚ ਵੀ ਮਦਦ ਕਰ ਸਕਦੀ ਹੈ। ਇਸ ਸਮਾਗਮ ਵਿੱਚ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਵੀ ਭਾਗ ਲਿਆ।
ਅਖੀਰ ਵਿਚ ਪ੍ਰੋਫੈਸਰ, ਸਬਜੀ ਵਿਗਿਆਨ ਡਾ. ਸੰਜੀਵ ਅਹੂਜਾ ਨੇ ਪ੍ਰੋਗਰਾਮ ਵਿਚ ਆਏ ਮਾਹਿਰਾਂ ਅਤੇ ਸਾਰੇ ਭਾਗੀਦਾਰਾਂ ਦਾ ਧੰਨਵਾਦ ਕੀਤਾ।

No comments:
Post a Comment