*ਕੈਬਨਿਟ ਮੰਤਰੀ Harpal Singh Cheema ਦੇ ਦਿਸ਼ਾ-ਨਿਰਦੇਸ਼ਾਂ ਅਤੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਪੂਨਮਦੀਪ ਕੌਰ ਦੀ ਅਗਵਾਈ ਵਿੱਚ ਨੌਜਵਾਨਾਂ ਤੇ ਕਿਸਾਨਾਂ ਨੂੰ ਸਵੈ-ਰੁਜ਼ਗਾਰ ਨਾਲ ਜੋੜਨ ਲਈ ਵਿਸ਼ੇਸ਼ ਉਪਰਾਲੇ
*ਪਹਿਲੇ ਪੜਾਅ ਵਿੱਚ 53 ਅਤੇ ਦੂਜੇ ਪੜਾਅ ਵਿੱਚ 45 ਸਿਖਿਆਰਥੀਆਂ ਨੂੰ ਦਿੱਤੀ ਜਾ ਰਹੀ ਹੈ ਸਿਖਲਾਈ; ਯੋਗ ਲਾਭਪਾਤਰੀਆਂ ਨੂੰ ਬੈਂਕਾਂ ਅਤੇ ਸਬੰਧਤ ਕਾਰਪੋਰੇਸ਼ਨਾਂ ਰਾਹੀਂ ਕਰਜ਼ਾ ਸੁਵਿਧਾ ਮੁਹੱਈਆ ਕਰਵਾਉਣ ਲਈ ਹੋਵੇਗਾ ਫਾਲੋ-ਅੱਪ
*ਪਸ਼ੂ ਪਾਲਣ ਮਾਹਿਰਾਂ ਵੱਲੋਂ ਬੱਕਰੀਆਂ ਦੀਆਂ ਉੱਤਮ ਨਸਲਾਂ Breeds of Goats, ਸੰਤੁਲਿਤ ਖ਼ੁਰਾਕ, ਬੱਚਿਆਂ ਦੀ ਸਾਂਭ-ਸੰਭਾਲ, ਨਸਲ ਸੁਧਾਰ ਅਤੇ ਵਿਗਿਆਨਕ ਪ੍ਰਬੰਧਨ ਬਾਰੇ ਸਾਂਝੀ ਕੀਤੀ ਗਈ ਵਿਸਥਾਰਪੂਰਵਕ ਜਾਣਕਾਰੀ
*ਨੈਸ਼ਨਲ ਲਾਈਵਸਟਾਕ ਮਿਸ਼ਨ ਤਹਿਤ ਯੋਗ ਪ੍ਰੋਜੈਕਟਾਂ ਲਈ ਸਰਕਾਰੀ ਸਹਾਇਤਾ ਤੇ ਸਬਸਿਡੀ ਸਬੰਧੀ ਵੀ ਸਿਖਿਆਰਥੀਆਂ ਨੂੰ ਕੀਤਾ ਜਾਗਰੂਕ
ਦਿੜ੍ਹਬਾ, 16 ਸਤੰਬਰ:
ਪੰਜਾਬ ਸਰਕਾਰ Punjab Government ਵੱਲੋਂ ਨੌਜਵਾਨਾਂ ਅਤੇ ਕਿਸਾਨਾਂ Farmers ਨੂੰ ਰਵਾਇਤੀ ਰੁਜ਼ਗਾਰ ਦੇ ਨਾਲ-ਨਾਲ ਲਾਹੇਵੰਦ ਸਹਾਇਕ ਕਿੱਤਿਆਂ ਨਾਲ ਜੋੜ ਕੇ ਆਰਥਿਕ ਤੌਰ ’ਤੇ ਆਤਮ-ਨਿਰਭਰ ਬਣਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਐਸ.ਡੀ.ਐਮ. ਦਫ਼ਤਰ ਦਿੜ੍ਹਬਾ SDM Didba ਦੇ ਮੀਟਿੰਗ ਹਾਲ ਵਿਖੇ ਬੱਕਰੀ ਪਾਲਣ ਸਿਖਲਾਈ ਕੈਂਪ Training Program for Goat Farming ਦੇ ਦੂਜੇ ਪੜਾਅ ਤਹਿਤ 45 ਸਿਖਿਆਰਥੀਆਂ ਨੂੰ ਤਿੰਨ ਰੋਜ਼ਾ ਵਿਸ਼ੇਸ਼ ਸਿਖਲਾਈ ਦੇਣ ਦੀ ਸ਼ੁਰੂਆਤ ਕੀਤੀ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਉਪ ਮੰਡਲ ਮੈਜਿਸਟਰੇਟ ਦਿੜ੍ਹਬਾ ਸ਼੍ਰੀ ਤਰਸੇਮ ਚੰਦ ਨੇ ਦੱਸਿਆ ਕਿ ਕੈਬਨਿਟ ਮੰਤਰੀ ਸ. ਹਰਪਾਲ ਸਿੰਘ ਚੀਮਾ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਪੂਨਮਦੀਪ ਕੌਰ ਦੀ ਅਗਵਾਈ ਵਿੱਚ ਸਬ-ਡਵੀਜ਼ਨ ਦੇ ਨੌਜਵਾਨਾਂ ਅਤੇ ਕਿਸਾਨਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਹੀ ਸਵੈ-ਰੁਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਮੁਹੱਈਆ ਕਰਵਾਉਣ ਲਈ ਪ੍ਰਸ਼ਾਸਨ ਵੱਲੋਂ ਵੱਖ-ਵੱਖ ਵਿਭਾਗਾਂ ਦੇ ਸਹਿਯੋਗ ਨਾਲ ਵਿਸ਼ੇਸ਼ ਸਿਖਲਾਈ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਬੱਕਰੀ ਪਾਲਣ ਸਿਖਲਾਈ ਦੇ ਪਹਿਲੇ ਪੜਾਅ ਦੌਰਾਨ 53 ਸਿਖਿਆਰਥੀਆਂ ਨੂੰ ਸਿਖਲਾਈ ਦਿੱਤੀ ਗਈ ਸੀ ਅਤੇ ਇਸ ਦੀ ਸਫ਼ਲਤਾ ਤੇ ਲੋਕਾਂ ਵੱਲੋਂ ਮਿਲੇ ਭਰਵੇਂ ਹੁੰਗਾਰੇ ਨੂੰ ਦੇਖਦਿਆਂ ਦੂਜੇ ਪੜਾਅ ਤਹਿਤ 45 ਹੋਰ ਸਿਖਿਆਰਥੀਆਂ ਨੂੰ ਤਿੰਨ ਰੋਜ਼ਾ ਸਿਖਲਾਈ ਦੇਣ ਦੀ ਸ਼ੁਰੂਆਤ ਕੀਤੀ ਗਈ ਹੈ।
ਸ਼੍ਰੀ ਤਰਸੇਮ ਚੰਦ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਵਿੱਚ ਮਿਹਨਤ, ਹੁਨਰ ਅਤੇ ਅੱਗੇ ਵਧਣ ਦੀ ਅਥਾਹ ਸਮਰੱਥਾ ਹੈ ਅਤੇ ਜੇਕਰ ਉਨ੍ਹਾਂ ਨੂੰ ਸਹੀ ਸਿਖਲਾਈ, ਤਕਨੀਕੀ ਮਾਰਗਦਰਸ਼ਨ ਅਤੇ ਵਿੱਤੀ ਸਹਾਇਤਾ ਮਿਲੇ ਤਾਂ ਉਹ ਆਪਣੇ ਸੂਬੇ ਵਿੱਚ ਰਹਿ ਕੇ ਹੀ ਸਫ਼ਲ ਉੱਦਮੀ ਬਣ ਸਕਦੇ ਹਨ। ਉਨ੍ਹਾਂ ਕਿਹਾ ਕਿ ਅੱਜ ਬਹੁਤ ਸਾਰੇ ਪਰਿਵਾਰ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਲਈ 20 ਤੋਂ 25 ਲੱਖ ਰੁਪਏ ਤੱਕ ਖ਼ਰਚ ਕਰਦੇ ਹਨ। ਜੇਕਰ ਇਸ ਰਕਮ ਦਾ ਇੱਕ ਹਿੱਸਾ ਵੀ ਬੱਚਿਆਂ ਦੇ ਹੁਨਰ ਅਤੇ ਸਵੈ-ਰੁਜ਼ਗਾਰ ’ਤੇ ਲਗਾਇਆ ਜਾਵੇ ਤਾਂ ਉਹ 5 ਤੋਂ 10 ਲੱਖ ਰੁਪਏ ਦੀ ਲਾਗਤ ਨਾਲ ਬੱਕਰੀ ਪਾਲਣ, ਡੇਅਰੀ ਫਾਰਮਿੰਗ, ਮੁਰਗੀ ਪਾਲਣ, ਮੱਛੀ ਪਾਲਣ ਜਾਂ ਹੋਰ ਸਹਾਇਕ ਕਿੱਤਾ ਸ਼ੁਰੂ ਕਰਕੇ ਆਪਣੇ ਪੈਰਾਂ ’ਤੇ ਖੜ੍ਹੇ ਹੋ ਸਕਦੇ ਹਨ।
ਉਨ੍ਹਾਂ ਸਿਖਿਆਰਥੀਆਂ ਨੂੰ ਸਲਾਹ ਦਿੱਤੀ ਕਿ ਕਿਸੇ ਵੀ ਸਹਾਇਕ ਕਿੱਤੇ ਦੀ ਸ਼ੁਰੂਆਤ ਛੋਟੇ ਪੱਧਰ ਤੋਂ ਕੀਤੀ ਜਾਵੇ ਅਤੇ ਵਿਹਾਰਕ ਤਜਰਬਾ ਹਾਸਲ ਕਰਨ ਉਪਰੰਤ ਹੌਲੀ-ਹੌਲੀ ਕਾਰੋਬਾਰ ਦਾ ਵਿਸਥਾਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਿਰਫ਼ ਸਿਖਲਾਈ ਦੇਣਾ ਹੀ ਪ੍ਰਸ਼ਾਸਨ ਦਾ ਮਕਸਦ ਨਹੀਂ, ਸਗੋਂ ਸਿਖਲਾਈ ਲੈਣ ਵਾਲੇ ਯੋਗ ਉਮੀਦਵਾਰਾਂ ਨੂੰ ਸਵੈ-ਰੁਜ਼ਗਾਰ ਸਥਾਪਤ ਕਰਨ ਤੱਕ ਲੋੜੀਂਦਾ ਮਾਰਗਦਰਸ਼ਨ ਮੁਹੱਈਆ ਕਰਵਾਉਣਾ ਵੀ ਇਸ ਪਹਿਲ ਦਾ ਅਹਿਮ ਹਿੱਸਾ ਹੈ।
ਐਸ.ਡੀ.ਐਮ. ਨੇ ਦੱਸਿਆ ਕਿ ਸਿਖਲਾਈ ਪ੍ਰਾਪਤ ਕਰਨ ਵਾਲੇ ਜਿਹੜੇ ਉਮੀਦਵਾਰ ਬੈਂਕਾਂ ਅਤੇ ਸਬੰਧਤ ਯੋਜਨਾਵਾਂ ਦੀਆਂ ਨਿਰਧਾਰਤ ਸ਼ਰਤਾਂ ਪੂਰੀਆਂ ਕਰਨਗੇ, ਉਨ੍ਹਾਂ ਦੇ ਕਰਜ਼ਾ ਕੇਸ ਅੱਗੇ ਵਧਾਉਣ ਲਈ ਪ੍ਰਸ਼ਾਸਨ ਵੱਲੋਂ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ। ਐਸ.ਸੀ. ਅਤੇ ਬੀ.ਸੀ. ਵਰਗ ਨਾਲ ਸਬੰਧਤ ਯੋਗ ਲਾਭਪਾਤਰੀਆਂ ਦੇ ਕੇਸ ਸਬੰਧਤ ਕਾਰਪੋਰੇਸ਼ਨਾਂ ਰਾਹੀਂ ਬੈਂਕਾਂ ਕੋਲ ਭੇਜਣ ਲਈ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਲੀਡ ਬੈਂਕ ਮੈਨੇਜਰ (ਐਲ.ਡੀ.ਐਮ.) ਅਤੇ ਸਬੰਧਤ ਅਦਾਰਿਆਂ ਨਾਲ ਤਾਲਮੇਲ ਕਰਕੇ ਕੇਸਾਂ ਦਾ ਨਿਰੰਤਰ ਫਾਲੋ-ਅੱਪ ਕੀਤਾ ਜਾਵੇਗਾ ਤਾਂ ਜੋ ਯੋਗ ਲਾਭਪਾਤਰੀਆਂ ਨੂੰ ਵਿੱਤੀ ਸਹਾਇਤਾ ਪ੍ਰਾਪਤ ਕਰਨ ਵਿੱਚ ਬੇਲੋੜੀ ਦੇਰੀ ਨਾ ਹੋਵੇ।
ਐਸ.ਡੀ.ਐਮ. ਨੇ ਬੱਕਰੀ ਨੂੰ ਪੇਂਡੂ ਅਰਥਚਾਰੇ ਲਈ ‘ਚਲਦਾ-ਫਿਰਦਾ ਏ.ਟੀ.ਐਮ.’ ਕਰਾਰ ਦਿੰਦਿਆਂ ਕਿਹਾ ਕਿ ਲੋੜ ਪੈਣ ’ਤੇ ਪਸ਼ੂ ਪਾਲਕ ਇਸ ਨੂੰ ਵੇਚ ਕੇ ਤੁਰੰਤ ਨਕਦੀ ਪ੍ਰਾਪਤ ਕਰ ਸਕਦਾ ਹੈ, ਜਦਕਿ ਦੁੱਧ, ਮੀਟ, ਨਸਲ ਸੁਧਾਰ ਸਮੇਤ ਵੱਖ ਵੱਖ ਢੰਗਾਂ ਰਾਹੀਂ ਵੀ ਆਮਦਨ ਪ੍ਰਾਪਤ ਕੀਤੀ ਜਾ ਸਕਦੀ ਹੈ।
ਉਨ੍ਹਾਂ ਕਿਹਾ ਕਿ ਸਹਾਇਕ ਕਿੱਤੇ ਨਾ ਸਿਰਫ਼ ਕਿਸਾਨਾਂ ਦੀ ਆਮਦਨ ਦੇ ਸਰੋਤਾਂ ਵਿੱਚ ਵਿਭਿੰਨਤਾ ਲਿਆਉਂਦੇ ਹਨ, ਸਗੋਂ ਪੇਂਡੂ ਨੌਜਵਾਨਾਂ ਲਈ ਆਪਣੇ ਘਰ ਅਤੇ ਪਰਿਵਾਰ ਵਿੱਚ ਰਹਿ ਕੇ ਸਨਮਾਨਜਨਕ ਰੁਜ਼ਗਾਰ ਹਾਸਲ ਕਰਨ ਦਾ ਵੀ ਵਧੀਆ ਸਾਧਨ ਬਣ ਸਕਦੇ ਹਨ। ਉਨ੍ਹਾਂ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਹੁਨਰਮੰਦ ਬਣ ਕੇ ਸਰਕਾਰੀ ਸਿਖਲਾਈ ਅਤੇ ਸਵੈ-ਰੁਜ਼ਗਾਰ ਯੋਜਨਾਵਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਅਤੇ ਪੰਜਾਬ ਵਿੱਚ ਰਹਿ ਕੇ ਆਪਣੀ ਮਿਹਨਤ ਨਾਲ ਖ਼ੁਸ਼ਹਾਲ ਭਵਿੱਖ ਦੀ ਨੀਂਹ ਰੱਖਣ।
ਸੀਨੀਅਰ ਵੈਟਰਨਰੀ ਅਫ਼ਸਰ ਦਿੜ੍ਹਬਾ ਡਾ. ਸ਼ਿਵਿੰਦਰਪਾਲ ਨੇ ਦੱਸਿਆ ਕਿ ਤਿੰਨ ਰੋਜ਼ਾ ਸਿਖਲਾਈ ਪ੍ਰੋਗਰਾਮ ਦੌਰਾਨ ਪਸ਼ੂ ਪਾਲਣ ਵਿਭਾਗ ਦੇ ਵਿਸ਼ਾ ਮਾਹਿਰਾਂ ਵੱਲੋਂ ਸਿਖਿਆਰਥੀਆਂ ਨੂੰ ਬੱਕਰੀ ਪਾਲਣ ਦੇ ਵੱਖ-ਵੱਖ ਵਿਗਿਆਨਕ ਅਤੇ ਵਿਹਾਰਕ ਪਹਿਲੂਆਂ ਬਾਰੇ ਜਾਣਕਾਰੀ ਦਿੱਤੀ ਗਈ। ਡਾ. ਸੁਖਵਿੰਦਰ ਸਿੰਘ ਅਤੇ ਉਨ੍ਹਾਂ ਦੀ ਟੀਮ ਵੱਲੋਂ ਸਿਖਿਆਰਥੀਆਂ ਨੂੰ ਬੱਕਰੀ ਪਾਲਣ ਨੂੰ ਇੱਕ ਯੋਜਨਾਬੱਧ ਅਤੇ ਲਾਹੇਵੰਦ ਕਿੱਤੇ ਵਜੋਂ ਵਿਕਸਤ ਕਰਨ ਸਬੰਧੀ ਮਾਰਗਦਰਸ਼ਨ ਦਿੱਤਾ ਗਿਆ।
ਬੱਕਰੀ ਪਾਲਣ ਦੇ ਮਾਹਿਰ ਡਾ. ਜਤਿੰਦਰਪਾਲ ਸਿੰਘ ਵੱਲੋਂ ਸਿਖਿਆਰਥੀਆਂ ਨੂੰ ਵਪਾਰਕ ਪੱਧਰ ’ਤੇ ਲਾਹੇਵੰਦ ਬੱਕਰੀਆਂ ਦੀਆਂ ਉੱਤਮ ਨਸਲਾਂ, ਉਨ੍ਹਾਂ ਦੀ ਪਛਾਣ, ਢੁਕਵੀਂ ਨਸਲ ਦੀ ਚੋਣ ਅਤੇ ਨਸਲ ਸੁਧਾਰ ਸਬੰਧੀ ਤਕਨੀਕੀ ਨੁਕਤੇ ਸਮਝਾਏ ਗਏ। ਇਸੇ ਤਰ੍ਹਾਂ ਵੈਟਰਨਰੀ ਹਸਪਤਾਲ ਮਹਿਲਾਂ ਤੋਂ ਪਸ਼ੂ ਖ਼ੁਰਾਕ ਮਾਹਿਰ ਡਾ. ਅਨੁਰੀਤ ਵੱਲੋਂ ਬੱਕਰੀਆਂ ਦੀ ਸੰਤੁਲਿਤ ਖ਼ੁਰਾਕ, ਫੀਡ ਪ੍ਰਬੰਧਨ, ਵੱਖ-ਵੱਖ ਉਮਰ ਦੇ ਪਸ਼ੂਆਂ ਦੀਆਂ ਖ਼ੁਰਾਕੀ ਲੋੜਾਂ ਅਤੇ ਨਵਜੰਮੇ ਮੇਮਣਿਆਂ ਦੀ ਸਾਂਭ-ਸੰਭਾਲ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।
ਡਾ. ਸ਼ਿਵਿੰਦਰਪਾਲ ਨੇ ਕਿਹਾ ਕਿ ਬੱਕਰੀ ਪਾਲਣ ਘੱਟ ਅਤੇ ਦਰਮਿਆਨੀ ਪੂੰਜੀ ਨਾਲ ਸ਼ੁਰੂ ਕੀਤਾ ਜਾ ਸਕਣ ਵਾਲਾ ਇੱਕ ਲਾਹੇਵੰਦ ਸਹਾਇਕ ਕਿੱਤਾ ਹੈ। ਇਸ ਕਿੱਤੇ ਨੂੰ ਵਿਗਿਆਨਕ ਢੰਗ ਨਾਲ ਅਪਣਾ ਕੇ ਕਿਸਾਨ ਅਤੇ ਨੌਜਵਾਨ ਦੁੱਧ, ਮੀਟ, ਨਸਲ ਸੁਧਾਰ ਅਤੇ ਹੋਰ ਉਤਪਾਦਾਂ ਰਾਹੀਂ ਆਪਣੀ ਆਮਦਨ ਵਿੱਚ ਵਾਧਾ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਬੱਕਰੀਆਂ ਦੀ ਚੰਗੀ ਨਸਲ ਦੀ ਚੋਣ, ਸੰਤੁਲਿਤ ਖ਼ੁਰਾਕ, ਸਮੇਂ ਸਿਰ ਟੀਕਾਕਰਨ, ਬਿਮਾਰੀਆਂ ਤੋਂ ਬਚਾਅ ਅਤੇ ਸਾਫ਼-ਸੁਥਰੀ ਰਿਹਾਇਸ਼ ਇਸ ਕਿੱਤੇ ਦੀ ਸਫ਼ਲਤਾ ਲਈ ਬਹੁਤ ਮਹੱਤਵਪੂਰਨ ਹਨ।
ਡਾ. ਸ਼ਿਵਿੰਦਰਪਾਲ ਨੇ ਦੱਸਿਆ ਕਿ ਸਿਖਿਆਰਥੀਆਂ ਨੂੰ ਕੇਂਦਰ ਸਰਕਾਰ ਦੇ ਨੈਸ਼ਨਲ ਲਾਈਵਸਟਾਕ ਮਿਸ਼ਨ (ਐਨ.ਐਲ.ਐਮ.) ਸਮੇਤ ਪਸ਼ੂ ਪਾਲਣ ਨਾਲ ਸਬੰਧਤ ਵੱਖ-ਵੱਖ ਸਰਕਾਰੀ ਯੋਜਨਾਵਾਂ, ਵਿੱਤੀ ਸਹਾਇਤਾ ਅਤੇ ਯੋਗ ਪ੍ਰੋਜੈਕਟਾਂ ਲਈ ਉਪਲਬਧ ਸਬਸਿਡੀ ਬਾਰੇ ਵੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਯੋਜਨਾ ਦੇ ਨਿਯਮਾਂ ਅਤੇ ਪ੍ਰੋਜੈਕਟ ਦੀ ਸ਼੍ਰੇਣੀ ਅਨੁਸਾਰ ਯੋਗ ਲਾਭਪਾਤਰੀਆਂ ਨੂੰ ਸਬਸਿਡੀ ਦਾ ਲਾਭ ਮਿਲ ਸਕਦਾ ਹੈ। ਉਮੀਦਵਾਰਾਂ ਨੂੰ ਪ੍ਰੋਜੈਕਟ ਰਿਪੋਰਟ, ਲੋੜੀਂਦੇ ਦਸਤਾਵੇਜ਼ ਅਤੇ ਆਨਲਾਈਨ ਅਰਜ਼ੀ ਪ੍ਰਕਿਰਿਆ ਸਬੰਧੀ ਵੀ ਮਾਰਗਦਰਸ਼ਨ ਦਿੱਤਾ ਗਿਆ।
ਇਸ ਮੌਕੇ ਸਬ-ਡਵੀਜ਼ਨ ਦਿੜ੍ਹਬਾ ਦੇ ਵਸਨੀਕਾਂ ਨੂੰ ਅਪੀਲ ਕੀਤੀ ਗਈ ਕਿ ਜਿਹੜੇ ਵਿਅਕਤੀ ਬੱਕਰੀ ਪਾਲਣ ਤੋਂ ਇਲਾਵਾ ਭੇਡ ਪਾਲਣ, ਡੇਅਰੀ ਫਾਰਮਿੰਗ, ਮੁਰਗੀ ਪਾਲਣ, ਸੂਰ ਪਾਲਣ, ਮੱਛੀ ਪਾਲਣ ਜਾਂ ਖੁੰਬਾਂ ਦੀ ਕਾਸ਼ਤ ਆਦਿ ਸਹਾਇਕ ਕਿੱਤਿਆਂ ਦੀ ਸਿਖਲਾਈ ਪ੍ਰਾਪਤ ਕਰਨਾ ਚਾਹੁੰਦੇ ਹਨ, ਉਹ ਐਸ.ਡੀ.ਐਮ. ਦਫ਼ਤਰ ਦਿੜ੍ਹਬਾ ਵਿਖੇ ਆਪਣੀ ਦਰਖ਼ਾਸਤ ਦੇ ਸਕਦੇ ਹਨ। ਪ੍ਰਾਪਤ ਅਰਜ਼ੀਆਂ ਦੇ ਆਧਾਰ ’ਤੇ ਸਬੰਧਤ ਵਿਭਾਗਾਂ ਨਾਲ ਤਾਲਮੇਲ ਕਰਕੇ ਸਿਖਲਾਈ ਪ੍ਰੋਗਰਾਮ ਉਲੀਕੇ ਜਾਣਗੇ।
ਭੇਡ ਅਤੇ ਬੱਕਰੀ ਪਾਲਣ ਦੀ ਸਿਖਲਾਈ ਦਿੜ੍ਹਬਾ ਵਿਖੇ ਹੀ ਕਰਵਾਉਣ ਨੂੰ ਤਰਜੀਹ ਦਿੱਤੀ ਜਾਵੇਗੀ ਤਾਂ ਜੋ ਸਥਾਨਕ ਲੋਕਾਂ ਨੂੰ ਸਿਖਲਾਈ ਲਈ ਦੂਰ ਨਾ ਜਾਣਾ ਪਵੇ, ਜਦਕਿ ਲੋੜ ਅਨੁਸਾਰ ਹੋਰ ਸਹਾਇਕ ਕਿੱਤਿਆਂ ਦੀ ਸਿਖਲਾਈ ਲਈ ਸੰਗਰੂਰ ਵਿਖੇ ਸਬੰਧਤ ਵਿਭਾਗਾਂ ਨਾਲ ਤਾਲਮੇਲ ਕੀਤਾ ਜਾਵੇਗਾ। ਜਿਹੜੇ ਚਾਹਵਾਨ ਮੌਜੂਦਾ ਬੈਚ ਵਿੱਚ ਸ਼ਾਮਲ ਨਹੀਂ ਹੋ ਸਕੇ, ਉਨ੍ਹਾਂ ਨੂੰ ਅਗਲੇ ਸਿਖਲਾਈ ਬੈਚਾਂ ਵਿੱਚ ਮੌਕਾ ਦੇਣ ਲਈ ਵੀ ਯਤਨ ਕੀਤੇ ਜਾਣਗੇ।

No comments:
Post a Comment