ਐਮਪੀ ਮਲਵਿੰਦਰ ਸਿੰਘ ਕੰਗ ਨੇ ਕਿਸਾਨੀ ਵਿੱਚ ਨਵੀਆਂ ਪੈੜਾਂ ਪਾਉਣ ਵਾਲੇ ਗੁਰਜੀਤ ਸਿੰਘ ਧੀਰ ਦੇ ਉਪਰਾਲੇ ਦੀ ਕੀਤੀ ਸ਼ਲਾਘਾ
ਖੇਤ ਦੀ ਉਪਜ ਨੂੰ ਖ਼ੁਦ ਤਿਆਰ ਕਰਕੇ ਸਿੱਧੇ ਖਪਤਕਾਰਾਂ ਤੱਕ ਪਹੁੰਚਾ ਕੇ ਕਿਸਾਨੀ ਨੂੰ ਹੋਰ ਲਾਹੇਵੰਦ ਬਣਾਉਣ ਦੀ ਪੇਸ਼ ਕਰ ਰਹੇ ਹਨ ਮਿਸਾਲ
ਰੂਪਨਗਰ, 15 ਸਤੰਬਰ: ਪੀ.ਏ.ਯੂ.-ਕ੍ਰਿਸ਼ੀ ਵਿਗਿਆਨ ਕੇਂਦਰ ਰੋਪੜ ਨਾਲ ਜੁੜੇ ਅਗਾਂਹਵਧੂ ਕਿਸਾਨ ਸ. ਗੁਰਜੀਤ ਸਿੰਘ ਧੀਰ, ਵਾਸੀ ਪਿੰਡ ਖਾਲਿਦਪੁਰ, ਜ਼ਿਲ੍ਹਾ ਰੂਪਨਗਰ ਨੂੰ ਜੈਵਿਕ ਖੇਤੀ ਅਤੇ ਆਪਣੀ ਖੇਤੀ ਉਪਜ ਤੋਂ ਵੱਖ-ਵੱਖ ਉਤਪਾਦ ਤਿਆਰ ਕਰਕੇ ਸਿੱਧੇ ਖਪਤਕਾਰਾਂ ਤੱਕ ਪਹੁੰਚਾਉਣ ਦੇ ਖੇਤਰ ਵਿੱਚ ਪਾਏ ਜਾ ਰਹੇ ਸ਼ਲਾਘਾਯੋਗ ਯੋਗਦਾਨ ਲਈ ਪੀ.ਏ.ਯੂ. ਕਿਸਾਨ ਮੇਲੇ ਦੌਰਾਨ ਸਨਮਾਨਿਤ ਕੀਤਾ ਗਿਆ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਤਰੀ ਖੋਜ ਕੇਂਦਰ, ਬੱਲੋਵਾਲ ਸੌਂਖੜੀ ਵਿਖੇ ਲਗਾਏ ਗਏ ਕਿਸਾਨ ਮੇਲੇ ਦੌਰਾਨ ਇਹ ਸਨਮਾਨ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਸ. ਮਲਵਿੰਦਰ ਸਿੰਘ ਕੰਗ ਵੱਲੋਂ ਪ੍ਰਦਾਨ ਕੀਤਾ ਗਿਆ।
ਸੰਸਦ ਮੈਂਬਰ ਸ. ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਪੰਜਾਬ ਦੀ ਖੇਤੀ ਨੂੰ ਟਿਕਾਊ ਅਤੇ ਹੋਰ ਲਾਹੇਵੰਦ ਬਣਾਉਣ ਲਈ ਕਿਸਾਨਾਂ ਵੱਲੋਂ ਰਵਾਇਤੀ ਖੇਤੀ ਦੇ ਨਾਲ-ਨਾਲ ਨਵੀਆਂ ਤਕਨੀਕਾਂ, ਜੈਵਿਕ ਖੇਤੀ ਅਤੇ ਖੇਤੀ ਉਪਜ ਦੀ ਪ੍ਰਕਿਰਿਆਕਰਨ ਨੂੰ ਅਪਣਾਉਣਾ ਸਮੇਂ ਦੀ ਲੋੜ ਹੈ। ਉਨ੍ਹਾਂ ਨੇ ਸ. ਗੁਰਜੀਤ ਸਿੰਘ ਧੀਰ ਵੱਲੋਂ ਆਪਣੀ ਖੇਤੀ ਉਪਜ ਤੋਂ ਵੱਖ-ਵੱਖ ਉਤਪਾਦ ਤਿਆਰ ਕਰਕੇ ਉਨ੍ਹਾਂ ਦੀ ਸਿੱਧੀ ਵਿਕਰੀ ਕਰਨ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਅਗਾਂਹਵਧੂ ਕਿਸਾਨ ਹੋਰਨਾਂ ਕਿਸਾਨਾਂ ਲਈ ਵੀ ਪ੍ਰੇਰਣਾ ਦਾ ਸਰੋਤ ਹਨ। ਉਨ੍ਹਾਂ ਕਿਹਾ ਕਿ ਆਪਣੀ ਉਪਜ ਦਾ ਵੱਧ ਤੋਂ ਵੱਧ ਲਾਭ ਕਿਸਾਨ ਤੱਕ ਪਹੁੰਚਾਉਣ ਲਈ ਖੇਤੀ ਦੇ ਨਾਲ ਉਤਪਾਦ ਤਿਆਰ ਕਰਨ ਅਤੇ ਸਿੱਧੀ ਵਿਕਰੀ ਨੂੰ ਉਤਸ਼ਾਹਿਤ ਕਰਨਾ ਬਹੁਤ ਮਹੱਤਵਪੂਰਨ ਹੈ।
ਸ. ਗੁਰਜੀਤ ਸਿੰਘ ਧੀਰ ਨੇ ਜੈਵਿਕ ਖੇਤੀ ਨੂੰ ਖੇਤੀ ਉਪਜ ਦੀ ਪ੍ਰਕਿਰਿਆਕਰਨ ਅਤੇ ਸਿੱਧੀ ਵਿਕਰੀ ਨਾਲ ਜੋੜ ਕੇ ਇੱਕ ਵਿਲੱਖਣ ਅਤੇ ਆਮਦਨਦਾਇਕ ਖੇਤੀ ਮਾਡਲ ਵਿਕਸਿਤ ਕੀਤਾ ਹੈ। ਉਹ ਕਣਕ, ਬਾਸਮਤੀ, ਮੱਕੀ, ਗੰਨਾ, ਹਲਦੀ, ਦਾਲਾਂ ਅਤੇ ਤੇਲ ਬੀਜਾਂ ਤੋਂ ਇਲਾਵਾ ਵੱਖ-ਵੱਖ ਫਲਾਂ ਅਤੇ ਸਬਜ਼ੀਆਂ ਦੀ ਕਾਸ਼ਤ ਵੀ ਕਰਦੇ ਹਨ।
ਆਪਣੇ ਖੇਤਾਂ ਵਿੱਚ ਪੈਦਾ ਕੀਤੀ ਉਪਜ ਨੂੰ ਕੱਚੇ ਰੂਪ ਵਿੱਚ ਵੇਚਣ ਦੀ ਬਜਾਏ ਉਹ ਉਸ ਦੀ ਪ੍ਰਕਿਰਿਆਕਰਨ ਕਰਕੇ ਕਈ ਤਰ੍ਹਾਂ ਦੇ ਉਤਪਾਦ ਤਿਆਰ ਕਰਦੇ ਹਨ। ਉਨ੍ਹਾਂ ਵੱਲੋਂ ਕਾਲੀ ਅਤੇ ਰਵਾਇਤੀ ਕਣਕ ਤੋਂ ਦਲੀਆ, ਕਣਕ ਅਤੇ ਮੱਕੀ ਦਾ ਆਟਾ, ਬਾਸਮਤੀ ਚੌਲ ਅਤੇ ਇਸ ਦਾ ਪਾਊਡਰ, ਗੁੜ, ਸ਼ੱਕਰ, ਹਲਦੀ ਪਾਊਡਰ, ਸਹਿਜਣਾ ਪੱਤੀ ਪਾਊਡਰ, ਗੋਭੀ ਸਰ੍ਹੋਂ ਦਾ ਕੈਨੋਲਾ ਤੇਲ, ਆਂਵਲਾ ਕੈਂਡੀ, ਚਟਣੀਆਂ ਅਤੇ ਵੱਖ-ਵੱਖ ਕਿਸਮਾਂ ਦੇ ਅਚਾਰ ਆਦਿ ਤਿਆਰ ਕੀਤੇ ਜਾਂਦੇ ਹਨ।
ਉਨ੍ਹਾਂ ਵੱਲੋਂ ਤਿਆਰ ਕੀਤੇ ਜ਼ਿਆਦਾਤਰ ਉਤਪਾਦ ਸਿੱਧੇ ਖੇਤ ਤੋਂ ਖਪਤਕਾਰਾਂ ਨੂੰ ਵੇਚੇ ਜਾਂਦੇ ਹਨ, ਜਦਕਿ ਬਾਕੀ ਉਤਪਾਦ ਰੂਪਨਗਰ ਅਤੇ ਚੰਡੀਗੜ੍ਹ ਸ਼ਹਿਰ ਵਿੱਚ ਲੱਗਣ ਵਾਲੀਆਂ ਹਫ਼ਤਾਵਾਰੀ ਜੈਵਿਕ ਉਤਪਾਦ ਮੰਡੀਆਂ ਰਾਹੀਂ ਵੇਚੇ ਜਾਂਦੇ ਹਨ। ਇਸ ਤਰ੍ਹਾਂ ਖੇਤੀ ਉਪਜ ਦੀ ਪ੍ਰਕਿਰਿਆਕਰਨ ਅਤੇ ਸਿੱਧੀ ਵਿਕਰੀ ਰਾਹੀਂ ਉਹ ਆਪਣੀ ਖੇਤੀ ਆਮਦਨ ਵਿੱਚ ਵਾਧਾ ਕਰ ਰਹੇ ਹਨ।
ਸ. ਗੁਰਜੀਤ ਸਿੰਘ ਧੀਰ ਦਾ ਖੇਤੀ ਮਾਡਲ ਜੈਵਿਕ ਖੇਤੀ, ਫ਼ਸਲੀ ਵਿਭਿੰਨਤਾ, ਉਪਜ ਦੀ ਪ੍ਰਕਿਰਿਆਕਰਨ, ਸਿੱਧੀ ਵਿਕਰੀ ਅਤੇ ਖੇਤੀ ਉੱਦਮਸ਼ੀਲਤਾ ਨੂੰ ਇੱਕਜੁੱਟ ਕਰਦਾ ਹੈ। ਉਨ੍ਹਾਂ ਦਾ ਇਹ ਉਪਰਾਲਾ ਹੋਰਨਾਂ ਕਿਸਾਨਾਂ ਨੂੰ ਵੀ ਆਪਣੀ ਉਪਜ ਨੂੰ ਕੱਚੇ ਰੂਪ ਵਿੱਚ ਵੇਚਣ ਦੀ ਬਜਾਏ ਉਸ ਤੋਂ ਤਿਆਰ ਉਤਪਾਦ ਬਣਾ ਕੇ ਵਧੇਰੇ ਆਮਦਨ ਹਾਸਲ ਕਰਨ ਲਈ ਪ੍ਰੇਰਿਤ ਕਰਦਾ ਹੈ।
ਪੀ.ਏ.ਯੂ. ਕਿਸਾਨ ਮੇਲੇ ਦੌਰਾਨ ਮਿਲਿਆ ਇਹ ਸਨਮਾਨ ਸ. ਗੁਰਜੀਤ ਸਿੰਘ ਧੀਰ ਦੀ ਰਸਾਇਣ-ਮੁਕਤ ਖੇਤੀ ਪ੍ਰਤੀ ਵਚਨਬੱਧਤਾ, ਨਵੀਨਤਮ ਸੋਚ, ਮਿਹਨਤ ਅਤੇ ਖੇਤੀ ਨੂੰ ਵਧੇਰੇ ਲਾਹੇਵੰਦ ਬਣਾਉਣ ਦੇ ਯਤਨਾਂ ਦੀ ਮਾਨਤਾ ਹੈ। ਉਨ੍ਹਾਂ ਦੀ ਸਫਲਤਾ ਹੋਰਨਾਂ ਕਿਸਾਨਾਂ ਲਈ ਵੀ ਪ੍ਰੇਰਣਾਦਾਇਕ ਹੈ ਅਤੇ ਇਹ ਦਰਸਾਉਂਦੀ ਹੈ ਕਿ ਖੇਤੀ ਉਪਜ ਦੀ ਪ੍ਰਕਿਰਿਆਕਰਨ ਅਤੇ ਸਿੱਧੀ ਵਿਕਰੀ ਰਾਹੀਂ ਕਿਸਾਨ ਆਪਣੀ ਆਮਦਨ ਵਿੱਚ ਚੰਗਾ ਵਾਧਾ ਕਰ ਸਕਦੇ ਹਨ।

No comments:
Post a Comment