Monday, September 7, 2026

ਖੇਤੀਬਾੜੀ ਅਧਿਕਾਰੀਆਂ ਵੱਲੋਂ ਕੀਤਾ ਗਿਆ ਨਰਮੇ ਦੇ ਖੇਤਾਂ ਦਾ ਦੌਰਾ

ਸਿਫ਼ਾਰਿਸ਼ ਕੀਤੇ ਕੀਟਨਾਸ਼ਕਾਂ ਦੀ ਵਰਤੋਂ ਕਰਨ ਦੀ ਸਲਾਹ

ਬਠਿੰਡਾ, 7 ਸਤੰਬਰ :
ਮੁੱਖ ਖੇਤੀਬਾੜੀ ਅਫ਼ਸਰ ਹਰਪ੍ਰੀਤਪਾਲ ਕੌਰ ਅਤੇ ਜ਼ਿਲ੍ਹਾ ਟ੍ਰੇਨਿੰਗ ਅਫ਼ਸਰ ਪ੍ਰਭਜੋਤ ਕੌਰ ਵੱਲੋਂ ਖੇਤੀਬਾੜੀ ਵਿਭਾਗ ਦੀ ਟੀਮ ਸਮੇਤ ਬਲਾਕ ਸੰਗਤ ਦੇ ਵੱਖ-ਵੱਖ ਪਿੰਡਾਂ ਵਿੱਚ ਨਰਮੇ ਦੀ ਫ਼ਸਲ ਦਾ ਜਾਇਜ਼ਾ ਲੈਣ ਲਈ ਖੇਤਾਂ ਦਾ ਵਿਸ਼ੇਸ਼ ਦੌਰਾ ਕੀਤਾ ਗਿਆ। ਇਸ ਦੌਰੇ ਦਾ ਮੁੱਖ ਮੰਤਵ ਫ਼ਸਲ ਦੀ ਮੌਜੂਦਾ ਸਥਿਤੀ ਦਾ ਨਿਰੀਖਣ ਕਰਨਾ ਅਤੇ ਕਿਸਾਨਾਂ ਨੂੰ ਗੁਲਾਬੀ ਸੁੰਡੀ, ਚਿੱਟੀ ਮੱਖੀ ਅਤੇ ਹੋਰ ਬੀਮਾਰੀਆਂ/ਕੀੜਿਆਂ ਦੇ ਹਮਲੇ ਤੋਂ ਬਚਾਅ ਲਈ ਤਕਨੀਕੀ ਜਾਣਕਾਰੀ ਦੇਣਾ ਸੀ।
ਨਿਰੀਖਣ ਦੌਰਾਨ ਮੁੱਖ ਖੇਤੀਬਾੜੀ ਅਫ਼ਸਰ ਨੇ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਖੇਤੀਬਾੜੀ ਵਿਭਾਗ ਵੱਲੋਂ ਫ਼ਸਲ ਉੱਤੇ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਖੇਤਾਂ ਦਾ ਨਿਯਮਿਤ ਸਰਵੇਖਣ ਕਰਨ ਅਤੇ ਕਿਸੇ ਵੀ ਕੀੜੇ ਜਾਂ ਬੀਮਾਰੀ ਦੇ ਲੱਛਣ ਦਿਸਣ 'ਤੇ ਘਬਰਾਉਣ ਦੀ ਬਜਾਏ ਖੇਤੀਬਾੜੀ ਮਾਹਰਾਂ ਦੀ ਸਲਾਹ ਲੈਣ। ਇਸ ਮੌਕੇ ਕਿਸਾਨ ਸ੍ਰ ਭਗਵਾਨ ਸਿੰਘ ਪੁੱਤਰ ਗੁਰਜੰਟ ਸਿੰਘ ਪਿੰਡ ਗਹਿਰੀ ਬੁੱਟਰ ਦੇ ਖੇਤ ਦਾ ਦੌਰਾ ਕੀਤਾ ਗਿਆ ਤਾਂ ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਨਰਮੇ ਦੀ ਪਹਿਲੀ ਚੁਗਾਈ ਕੀਤੀ ਜਾ ਚੁੱਕੀ ਹੈ ਜਿਸਦਾ ਔਸਤਨ ਝਾੜ 6-7 ਮਨ ਪ੍ਰਤੀ ਏਕੜ ਨਿਕਲਿਆ ਹੈ ਅਤੇ ਕਿਸਾਨ ਅੰਮ੍ਰਿਤਪਾਲ ਸਿੰਘ ਪਿੰਡ ਗਹਿਰੀ ਬੁੱਟਰ ਨੇ ਦੇਸੀ ਕਪਾਹ ਕਿਸਮ ਪੀ.ਬੀ.ਡੀ.88 ਦੀ ਬਿਜਾਈ ਕੀਤੀ ਗਈ ਸੀ। ਜਿਸਦਾ ਪਹਿਲੀ ਚੁਗਾਈ ਦਾ ਝਾੜ ਵੀ ਬਹੁਤ ਚੰਗਾ ਰਿਹਾ ਹੈ.
ਇਸ ਦੌਰਾਨ ਮੁੱਖ ਖੇਤੀਬਾੜੀ ਅਫ਼ਸਰ ਵੱਲੋਂ ਕਿਸਾਨਾਂ ਨੂੰ ਸਲਾਹ ਦਿੰਦਿਆਂ ਕਿਹਾ ਕਿ ਨਿਯਮਿਤ ਨਿਗਰਾਨੀ ਕਰਦਿਆਂ ਉਹ ਰੋਜ਼ਾਨਾ ਸਵੇਰੇ ਜਾਂ ਸ਼ਾਮ ਵੇਲੇ ਆਪਣੇ ਨਰਮੇ ਦੇ ਖੇਤਾਂ ਦਾ ਜਾਇਜ਼ਾ ਜ਼ਰੂਰ ਲੈਣ। ਉਨ੍ਹਾਂ ਕਿਹਾ ਕਿ ਕੀੜਿਆਂ ਦੇ ਰੋਕਥਾਮ ਲਈ ਕੇਵਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ (PAU) ਵੱਲੋਂ ਪ੍ਰਮਾਣਿਤ ਅਤੇ ਸਿਫ਼ਾਰਸ਼ ਕੀਤੀਆਂ ਕੀਟਨਾਸ਼ਕ ਦਵਾਈਆਂ ਦੀ ਹੀ ਵਰਤੋਂ ਕਰਨ। ਇਸ ਤੋਂ ਇਲਾਵਾ ਲੋੜ ਤੋਂ ਜਾਂ ਅਣ-ਅਧਿਕਾਰਤ ਦਵਾਈਆਂ ਦਾ ਮਿਸ਼ਰਣ ਛਿੜਕਣ ਤੋਂ ਗੁਰੇਜ਼ ਕਰਨ, ਤਾਂ ਜੋ ਫ਼ਸਲ ਨੂੰ ਨੁਕਸਾਨ ਨਾ ਪਹੁੰਚੇ।
ਮੁੱਖ ਖੇਤੀਬਾੜੀ ਅਫ਼ਸਰ ਨੇ ਵਿਸ਼ਵਾਸ ਦਿਵਾਇਆ ਕਿ ਖੇਤੀਬਾੜੀ ਵਿਭਾਗ ਦੀਆਂ ਟੀਮਾਂ ਫੀਲਡ ਵਿੱਚ ਪੂਰੀ ਤਰ੍ਹਾਂ ਸਰਗਰਮ ਹਨ ਅਤੇ ਕਿਸਾਨਾਂ ਨੂੰ ਹਰ ਸੰਭਵ ਤਕਨੀਕੀ ਸਹਾਇਤਾ ਅਤੇ ਮਾਰਗਦਰਸ਼ਨ ਮੁਹੱਈਆ ਕਰਵਾਇਆ ਜਾ ਰਿਹਾ ਹੈ, ਤਾਂ ਜੋ ਨਰਮੇ ਦੀ ਫ਼ਸਲ ਦਾ ਵਧੀਆ ਝਾੜ ਪ੍ਰਾਪਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਕਿਸੇ ਵੀ ਸਮੱਸਿਆ ਦੀ ਸੂਰਤ ਵਿੱਚ ਖੇਤੀ ਮਾਹਰਾਂ ਨਾਲ ਰਾਬਤਾ ਕਰਨ ਤੋਂ ਇਲਾਵਾ ਤੁਰੰਤ ਬਲਾਕ ਖੇਤੀਬਾੜੀ ਦਫ਼ਤਰ ਜਾਂ ਹਲਕਾ ਖੇਤੀਬਾੜੀ ਵਿਕਾਸ ਅਫ਼ਸਰ ਨਾਲ ਕੀਤਾ ਜਾ ਸਕਦਾ ਹੈ।
ਇਸ ਮੌਕੇ ਦੌਰਾਨ ਬਲਾਕ ਸੰਗਤ ਦੇ ਖੇਤੀਬਾੜੀ ਅਫਸਰ, ਸ਼੍ਰੀ ਮਨੋਜ ਕੁਮਾਰ ਤੇ ਉਨ੍ਹਾਂ ਦੀ ਟੀਮ ਵੀ ਹਾਜਰ ਸੀ।

No comments:

Post a Comment