Saturday, September 19, 2026

ਡੇਅਰੀ ਸਿਖ਼ਲਾਈ ਕੋਰਸਾਂ ਤੇ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਨੌਜਵਾਨ : ਡਿਪਟੀ ਡਾਇਰੈਕਟਰ ਡੇਅਰੀ

ਜਲੰਧਰ, 19 ਸਤੰਬਰ : ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਕਪਲਮੀਤ ਸਿੰਘ ਸੰਧੂ ਨੇ ਨੌਜਵਾਨਾਂ ਨੂੰ ਡੇਅਰੀ ਸਿਖ਼ਲਾਈ ਕੋਰਸਾਂ ਦਾ ਲਾਭ ਲੈ ਕੇ ਆਪਣਾ ਰੋਜ਼ਗਾਰ ਸਥਾਪਤ ਕਰਨ ਦਾ ਸੱਦਾ ਦਿੱਤਾ।

ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ, ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਵਰਿਆਮ ਸਿੰਘ ਗਿੱਲ ਦੀ ਅਗਵਾਈ ਹੇਠ ਡੇਅਰੀ ਵਿਕਾਸ ਵਿਭਾਗ ਵੱਲੋਂ ਬੇਰੋਜ਼ਗਾਰ ਨੌਜਵਾਨਾਂ ਨੂੰ ਡੇਅਰੀ ਕਿੱਤੇ ਨਾਲ ਜੋੜਨ ਅਤੇ ਸਵੈ-ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਵੱਖ-ਵੱਖ ਸਿਖ਼ਲਾਈ ਕੋਰਸ ਕਰਵਾਏ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਜਲੰਧਰ ਦੇ ਪੇਂਡੂ ਖੇਤਰਾਂ ਨਾਲ ਸਬੰਧਤ 18 ਤੋਂ 55 ਸਾਲ ਦੀ ਉਮਰ ਦੇ ਪੁਰਸ਼ ਤੇ ਮਹਿਲਾਵਾਂ ਡੇਅਰੀ ਵਿਕਾਸ ਵਿਭਾਗ ਵਲੋਂ ਦਿੱਤੀ ਜਾਂਦੀ ਸਿਖ਼ਲਾਈ ਹਾਸਲ ਕਰਕੇ ਆਪਣਾ ਡੇਅਰੀ ਯੂਨਿਟ ਸਥਾਪਤ ਕਰਕੇ ਡੇਅਰੀ ਕਿੱਤੇ ਨੂੰ ਰੋਜ਼ਗਾਰ ਵਜੋਂ ਅਪਣਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਡੇਅਰੀ ਵਿਕਾਸ ਵਿਭਾਗ ਵੱਲੋਂ ਸਿਖ਼ਲਾਈ ਪ੍ਰਾਪਤ ਸਿਖਿਆਰਥੀਆਂ ਨੂੰ ਆਪਣਾ ਡੇਅਰੀ ਯੂਨਿਟ ਸਥਾਪਤ ਕਰਨ ਲਈ 2 ਲੱਖ ਤੋਂ 18 ਲੱਖ ਤੱਕ ਦੇ ਬੈਂਕ ਕਰਜ਼ੇ ਮੁਹੱਈਆ ਕਰਵਾਉਣ ਵਿੱਚ ਸਹਾਇਤਾ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਸਕੀਮ ਅਨੁਸਾਰ ਜਨਰਲ ਵਰਗ ਲਈ 25 ਫੀਸਦੀ ਅਤੇ ਅਨੁਸੂਚਿਤ ਜਾਤੀ ਵਰਗ ਲਈ 33 ਫੀਸਦੀ ਸਬਸਿਡੀ ਵੀ ਦਿੱਤੀ ਜਾਂਦੀ ਹੈ।
ਉਨ੍ਹਾਂ ਦੱਸਿਆ ਕਿ ਡੇਅਰੀ ਕਿਸਾਨਾਂ ਦੀ ਸਹੂਲਤ ਲਈ ਸਿੰਗਲ ਟੀਟ ਕੱਪ ਅਤੇ ਡਬਲ ਟੀਟ ਕੱਪ ਮਿਲਕਿੰਗ ਮਸ਼ੀਨਾਂ 'ਤੇ 50 ਫੀਸਦੀ ਸਬਸਿਡੀ ਦਿੱਤੀ ਜਾਂਦੀ ਹੈ। ਉਨ੍ਹਾਂ ਪੇਂਡੂ ਖੇਤਰਾਂ ਦੇ ਨੌਜਵਾਨਾਂ ਨੂੰ ਡੇਅਰੀ ਵਿਕਾਸ ਵਿਭਾਗ ਵੱਲੋਂ ਦਿੱਤੀ ਜਾ ਰਹੀ ਸਿਖ਼ਲਾਈ ਦਾ ਵੱਧ ਤੋਂ ਵੱਧ ਲਾਭ ਲੈਣ ਅਤੇ ਡੇਅਰੀ ਕਿੱਤੇ ਨੂੰ ਸਵੈ-ਰੋਜ਼ਗਾਰ ਨੂੰ ਅਪਣਾ ਕੇ ਸੂਬੇ ਦੀ ਖੁਸ਼ਹਾਲੀ ਤੇ ਪ੍ਰਗਤੀ ਵਿੱਚ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਉਣ ਲਈ ਅੱਗੇ ਆਉਣ ਦੀ ਅਪੀਲ ਕੀਤੀ।
ਉਨ੍ਹਾਂ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਡਿਪਟੀ ਡਾਇਰੈਕਟਰ, ਡੇਅਰੀ, ਜਲੰਧਰ (97793-52959) ਅਤੇ ਦਫ਼ਤਰ ਆਰ.ਡੀ.ਡੀ.ਐਲ. ਲਾਡੋਵਾਲੀ ਰੋਡ, ਜ਼ਿਲ੍ਹਾ ਜਲੰਧਰ ਦੇ ਸੰਪਰਕ ਨੰਬਰ 81949-08659 ਤੇ 73408-86952 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

No comments:

Post a Comment