Saturday, September 19, 2026

ਦੁੱਨੇਵਾਲਾ ਦਾ ਸੁਖਰਾਜ ਸਿੰਘ 21 ਏਕੜ ਰਕਬੇ 'ਚ ਝੋਨੇ ਦੀ ਪਰਾਲੀ ਦੀ ਬਿਨਾਂ ਅੱਗ ਲਗਾਏ ਕਰ ਰਿਹਾ ਹੈ ਸੰਭਾਲ

 *ਪਿਛਲੇ 6-7 ਸਾਲਾਂ ਤੋਂ ਨਹੀਂ ਲਗਾ ਰਿਹਾ ਅੱਗ*

*ਪਰਾਲੀ ਨੂੰ ਖੇਤ ਵਿੱਚ ਹੀ ਵਾਹ ਕੇ ਹੈਪੀ ਸੀਡਰ ਤੇ ਸੁਪਰ ਸੀਡਰ ਨਾਲ ਕਣਕ ਬੀਜਦਾ ਹੈ*

ਬਠਿੰਡਾ, 20 ਸਤੰਬਰ :

ਜ਼ਿਲ੍ਹਾ ਬਠਿੰਡਾ ਦੇ ਸੰਗਤ ਬਲਾਕ ਹੇਠ ਪੈਂਦੇ ਪਿੰਡ ਦੁੱਨੇਵਾਲਾ ਦਾ ਕਿਸਾਨ ਸੁਖਰਾਜ ਸਿੰਘ 21 ਏਕੜ ਰਕਬੇ 'ਚ ਝੋਨੇ ਦੀ ਪਰਾਲੀ ਨੂੰ ਬਿਨਾਂ ਅੱਗ ਲਗਾਏ ਉਸ ਦੀ ਸੰਭਾਲ ਕਰ ਰਿਹਾ ਹੈ। 

ਪਿਛਲੇ 6-7 ਸਾਲਾਂ ਤੋਂ ਸੁਖਰਾਜ ਸਿੰਘ ਹੈਪੀ ਸੀਡਰ ਅਤੇ ਸੁਪਰ ਸੀਡਰ ਦੀ ਵਰਤੋਂ ਕਰਕੇ ਪਰਾਲੀ ਨੂੰ ਖੇਤਾਂ ਵਿਚ ਹੀ ਵਾਹ ਦਿੰਦਾ ਹੈ ਜਿਸ ਨਾ ਉਸ ਦਾ ਕਣਕ ਅਤੇ ਝੋਨੇ ਦਾ ਝਾੜ ਵਧਿਆ ਹੈ। 

ਕਿਸਾਨ ਸੁਖਰਾਜ ਸਿੰਘ ਨੇ ਦੱਸਿਆ ਕਿ ਉਹ ਕਰੀਬ 24 ਏਕੜ ਵਿੱਚ ਖੇਤੀ ਕਰਦਾ ਹੈ ਅਤੇ 21 ਏਕੜ ਚ ਝੋਨੇ ਦੀ ਕਾਸ਼ਤ ਕਰ ਰਿਹਾ ਹੈ। ਉਸ ਨੇ ਸੱਭ ਤੋਂ ਪਹਿਲਾਂ 10 ਏਕੜ ਜਮੀਨ ਚ ਪਰਾਲੀ ਦਾ ਪ੍ਰਬੰਧਨ ਬਿਨਾਂ ਅੱਗ ਲਗਾਏ ਕੀਤਾ। 10 ਏਕੜ ਵਿੱਚ ਹੈਪੀ ਸੀਡਰ ਮਸ਼ੀਨ ਨਾਲ ਝੋਨੇ ਦੀ ਪਰਾਲੀ ਦੇ ਖੜੇ ਕਰਚਿਆਂ ਵਿੱਚ ਕਣਕ ਦੀ ਬਿਜਾਈ ਕੀਤੀ ਅਤੇ ਦੂਜੇ ਸਾਲ ਉਸ ਨੇ ਉਹ ਰਕਬਾ ਵਧਾ ਕੇ 18 ਏਕੜ ਕਰ ਲਿਆ ।

ਪਰਾਲੀ ਨੂੰ ਖੇਤ ਵਿਚ ਵਾਹ ਕੇ ਉਸ ਨੇ ਪਹਿਲੇ ਸਾਲ ਹੈਪੀ ਸੀਡਰ ਅਤੇ ਦੂਜੇ ਸਾਲ ਸੁਪਰ ਸੀਡਰ ਨਾਲ ਕਣਕ ਦੀ ਬਿਜਾਈ ਕੀਤੀ, ਇੰਝ ਕਰਨ ਨਾਲ ਕਣਕ ਦਾ ਝਾੜ ਬਹੁਤ ਵਧੀਆ ਰਿਹਾ। 

ਕਿਸਾਨ ਸੁਖਰਾਜ ਸਿੰਘ ਨੇ ਕਿਹਾ ਕਿ ਸੁਪਰ ਸੀਡਰ ਮਸ਼ੀਨ ਝੋਨੇ ਦੇ ਨਾੜ (ਪਰਾਲੀ) ਨੂੰ ਖੇਤ ਵਿੱਚ ਹੀ ਬਾਰੀਕ ਕੱਟ ਕੇ ਮਿੱਟੀ ਵਿੱਚ ਮਿਲਾ ਦਿੰਦੀ ਹੈ, ਜਿਸ ਨਾਲ ਧੂੰਏਂ ਅਤੇ ਪ੍ਰਦੂਸ਼ਣ ਤੋਂ ਨਿਜਾਤ ਮਿਲਦੀ ਹੈ। ਮਿੱਟੀ ਵਿੱਚ ਮਿਲ ਕੇ ਪਰਾਲੀ ਗਲ ਜਾਂਦੀ ਹੈ ਅਤੇ ਦੇਸੀ ਖਾਦ ਦਾ ਕੰਮ ਕਰਦੀ ਹੈ। ਇਸ ਨਾਲ ਮਿੱਟੀ ਵਿੱਚ ਮੌਜੂਦ ਮਿੱਤਰ ਕੀੜੇ (ਜਿਵੇਂ ਗੰਡੋਏ) ਵੀ ਸੁਰੱਖਿਅਤ ਰਹਿੰਦੇ ਹਨ। ਸੁਪਰ ਸੀਡਰ ਨਾਲ ਇੱਕੋ ਗੇੜੇ ਵਿੱਚ ਖੇਤ ਵਾਹੁਣ, ਪਰਾਲੀ ਮਿਲਾਉਣ ਅਤੇ ਬੀਜਾਈ ਕਰਨ ਦਾ ਕੰਮ ਹੋ ਜਾਂਦਾ ਹੈ। ਇਸ ਨਾਲ ਵਾਰ-ਵਾਰ ਤਵੀਆਂ ਜਾਂ ਰੋਟਾਵੇਟਰ ਚਲਾਉਣ ਦੀ ਲੋੜ ਨਹੀਂ ਪੈਂਦੀ, ਜਿਸ ਨਾਲ ਡੀਜ਼ਲ ਅਤੇ ਸਮਾਂ ਦੋਵੇਂ ਬਚਦੇ ਹਨ। ਖੇਤ ਵਿੱਚ ਪਰਾਲੀ ਮਿਲੀ ਹੋਣ ਕਰਕੇ ਮਿੱਟੀ ਵਿੱਚ ਨਮੀ ਲੰਮੇ ਸਮੇਂ ਤੱਕ ਬਰਕਰਾਰ ਰਹਿੰਦੀ ਹੈ, ਜਿਸ ਕਰਕੇ ਪਹਿਲੇ ਪਾਣੀ ਦੀ ਲੋੜ ਦੇਰੀ ਨਾਲ ਪੈਂਦੀ ਹੈ ਅਤੇ ਪਾਣੀ ਘੱਟ ਲੱਗਦਾ ਹੈ।

ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਕਰਨ ਨਾਲ ਜ਼ਮੀਨ ਦੀ ਸਿਹਤ ਸੁਧਰਨ ਨਾਲ ਕਣਕ ਦਾ ਬੂਟਾ ਵਧੀਆ ਫੁਟਾਰਾ ਕਰਦਾ ਹੈ ਅਤੇ ਫਸਲ ਦਾ ਝਾੜ ਵੀ ਚੰਗਾ ਨਿਕਲਦਾ ਹੈ। ਕਣਕ ਦੀ ਫਸਲ ਦਾ ਅਖੀਰ ਤੱਕ ਬਾਰਿਸ਼ ਅਤੇ ਤੇਜ ਹਵਾ ਨਾਲ ਵੀ ਕੋਈ ਨੁਕਸਾਨ ਨਹੀਂ ਹੋਇਆ ਅਤੇ ਕਣਕ ਵਿੱਚ ਨਦੀਨਾਂ ਦੀ ਸਮੱਸਿਆ ਵੀ ਘੱਟ ਹੋਈ ਹੈ। 

ਕਿਸਾਨ ਵੱਲੋਂ ਦੱਸਿਆ ਗਿਆ ਕਿ ਉਸਨੇ ਕਣਕ ਦੇ ਬੀਜ ਨੂੰ 4 ਮਿਲੀਲੀਟਰ ਕਲੋਰੋਪਾਈਰੀਫਾਸ ਪ੍ਰਤੀ ਕਿਲੋ ਲਗਾ ਕੇ ਬਿਜਾਈ ਕੀਤੀ ਜਿਸ ਕਰਕੇ ਕਣਕ ਦੀ ਫਸਲ ਵਿੱਚ ਗੁਲਾਬੀ ਸੁੰਡੀ ਦਾ ਹਮਲਾ ਘੱਟ ਹੋਇਆ। ਪਹਿਲੇ ਸਾਲ ਹੈਪੀ ਸੀਡਰ ਦੀ ਵਿਧੀ ਨਾਲ ਅਤੇ ਦੂਜੇ ਸਾਲ ਸੁਪਰ ਸੀਡਰ ਦੀ ਵਿਧੀ ਨਾਲ ਝਾੜ ਕ੍ਰਮਵਾਰ 24 ਕੁਇੰਟਲ ਅਤੇ 25 ਕੁਇੰਟਲ ਪ੍ਰਾਪਤ ਕੀਤਾ । 

ਉਨ੍ਹਾਂ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਕੀਤੀ ਕਿ ਹੈਪੀ ਸੀਡਰ ਜਾਂ ਸੁਪਰ ਸੀਡਰ ਮਸ਼ੀਨ ਨਾਲ ਬਿਜਾਈ ਕੀਤੀ ਜਾਵੇ ਤਾਂ ਜੋ ਪਾਣੀ ਦੀ ਬੱਚਤ, ਮਿੱਟੀ ਦੀ ਉਪਜਾਊ ਸ਼ਕਤੀ ਅਤੇ ਮੱਲੜ ਦੀ ਮਾਤਰਾ ਵਿਚ ਵਾਧਾ ਹੋ ਸਕੇ |

No comments:

Post a Comment