*105 ਏਕੜ 'ਚ ਕਰਦੇ ਹਨ ਵਾਹੀ; ਨਾਲੇ ਪਰਾਲੀ ਪ੍ਰਬੰਧਨ, ਨਾਲੇ ਫ਼ਸਲੀ ਵਿਭਿੰਨਤਾ*
*6 ਸਾਲਾਂ ਤੋਂ ਪਰਾਲੀ ਨੂੰ ਨਹੀਂ ਲਾਈ ਅੱਗ; ਆਲੂਆਂ, ਮੂੰਗੀ ਤੇ ਤਰਬੂਜ਼ ਦੀ ਵੀ ਕਰਦੇ ਹਨ ਕਾਸ਼ਤ*
ਜ਼ਿਲ੍ਹਾ ਬਰਨਾਲਾ ਦੇ ਕੋਠੇ ਸੁਰਜੀਤਪੁਰਾ ਦੇ ਕਿਸਾਨ ਭਰਾਵਾਂ ਨੇ ਪਰਾਲੀ ਪ੍ਰਬੰਧਨ ਅਤੇ ਫ਼ਸਲੀ ਵਿਭਿੰਨਤਾ ਨਾਲ ਮਿਸਾਲ ਕਾਇਮ ਕੀਤੀ ਹੈ ਜੋ ਕਿ ਕਰੀਬ 105 ਏਕੜ ਵਿੱਚ ਵਾਹੀ ਕਰਦੇ ਹਨ ਅਤੇ ਪਿਛਲੇ 6 ਸਾਲਾਂ ਤੋਂ ਪਰਾਲੀ ਨੂੰ ਅੱਗ ਨਹੀਂ ਲਗਾਈ ਬਲਕਿ ਮਲਚਿੰਗ ਕਰਕੇ ਪਰਾਲੀ ਨੂੰ ਜ਼ਮੀਨ ਵਿਚ ਰਲਾਉਂਦੇ ਹਨ।
ਕਿਸਾਨ ਸੁਖਪਾਲ ਸਿੰਘ ਜਵੰਧਾ (43 ਸਾਲ) ਪੁੱਤਰ ਮੇਵਾ ਸਿੰਘ ਜਵੰਧਾ ਵਾਸੀ ਕੋਠੇ ਸੁਰਜੀਤਪੁਰਾ ਨੇ ਦੱਸਿਆ ਕਿ ਉਹ ਅਤੇ ਉਸਦਾ ਭਰਾ ਤਰਸੇਮ ਸਿੰਘ ਜਵੰਧਾ (46 ਸਾਲ) ਕਰੀਬ 105 ਏਕੜ ਰਕਬੇ ਵਿੱਚ ਵਾਹੀ ਕਰਦੇ ਹਨ। ਉਹ ਝੋਨੇ ਦੀ ਕਟਾਈ ਕਰਕੇ ਕਰੀਬ 80 ਏਕੜ ਵਿਚ ਆਲੂ ਲਾਉਂਦੇ ਹਨ ਤੇ ਕਰੀਬ 20 ਕਿੱਲੇ ਕਣਕ ਲਾਉਂਦੇ ਹਨ। ਆਲੂਆਂ ਦੀ ਪੁਟਾਈ ਕਰਕੇ ਕਰੀਬ 40 ਏਕੜ ਵਿਚ ਮੱਕੀ ਲਾਉਂਦੇ ਹਨ ਅਤੇ ਇਸ ਤੋਂ ਇਲਾਵਾ ਮੂੰਗੀ ਅਤੇ ਤਰਬੂਜ਼ ਦੀ ਕਾਸ਼ਤ ਵੀ ਕਰਦੇ ਹਨ।
ਕਿਸਾਨ ਸੁਖਪਾਲ ਸਿੰਘ ਨੇ ਦੱਸਿਆ ਕਿ ਉਹ ਕਰੀਬ 6 ਸਾਲ ਤੋਂ ਪਰਾਲੀ ਪ੍ਰਬੰਧਨ ਕਰ ਰਹੇ ਹਨ। ਉਹ ਸੁਪਰ ਐੱਸਐਮਐਸ ਵਾਲੀ ਕੰਬਾਈਨ ਨਾਲ ਝੋਨੇ ਦੀ ਕਟਾਈ ਕਰਦੇ ਹਨ। ਇਸ ਮਗਰੋਂ ਪਰਾਲੀ ਨੂੰ ਜ਼ਮੀਨ ਵਿਚ ਰਲਾਉਂਦੇ (ਮਲਚਿੰਗ) ਹਨ। ਇਸ ਮਗਰੋਂ ਐਮ ਬੀ ਪਲਾਓ ਕਰਕੇ ਅਤੇ ਰੋਟਾਵੇਟਰ ਫੇਰਨ ਮਗਰੋਂ ਆਲੂ ਦੀ ਬਿਜਾਈ ਕਰਦੇ ਦਿੰਦੇ ਹਨ।
ਓਹਨਾਂ ਕਿਹਾ ਕਿ ਉਹ ਸਾਲ 2024 ਤੋਂ ਪਹਿਲਾਂ ਪਰਾਲੀ ਦੀਆਂ ਗੰਢਾਂ ਬਣਾਉਂਦੇ ਸਨ ਪਰ ਹੁਣ ਮਲਚਿੰਗ ਕਰਦੇ ਹਨ ਜਿਸ ਨਾਲ ਆਲੂਆਂ ਦਾ ਝਾੜ ਪਿਛਲੇ ਸਾਲਾਂ ਵਿਚ ਕਰੀਬ 50 ਗੱਟੇ (ਇਕ ਗੱਟੇ ਵਿਚ 50 ਕਿਲੋ) ਪ੍ਰਤੀ ਏਕੜ ਵਧਿਆ ਹੈ।
ਓਨ੍ਹਾਂ ਦੱਸਿਆ ਕਿ ਓਹਨਾਂ ਨੂੰ ਸਰਕਾਰ ਵਲੋਂ ਸੁਪਰ ਸੀਡਰ ਸਬਸਿਡੀ 'ਤੇ ਮਿਲਿਆ ਹੈ ਅਤੇ ਓਹਨਾਂ ਨੇ ਸਾਲ 2024 ਵਿਚ ਕੁਝ ਸੰਦ ਆਪਣੇ ਲਿਆਂਦੇ ਹਨ ਤੇ ਮਲਚਰ ਅਤੇ ਐਮ ਬੀ ਪਲਾਓ ਲਾ ਕੇ ਸੁਪਰ ਸੀਡਰ ਨਾਲ ਕਣਕ ਦੀ ਬਿਜਾਈ ਕਰਦੇ ਹਨ। ਓਨ੍ਹਾਂ ਕਿਹਾ ਕਿ ਓਨ੍ਹਾਂ ਨੂੰ ਕਦੇ ਵੀ ਕੋਈ ਦਿੱਕਤ ਪੇਸ਼ ਨਹੀਂ ਆਈ ਬਲਕਿ ਫ਼ਸਲ ਦਾ ਝਾੜ ਅਤੇ ਮੁਨਾਫ਼ਾ ਵਧਿਆ ਹੈ।
ਕਿਸਾਨ ਸੁਖਪਾਲ ਸਿੰਘ ਨੇ ਦੱਸਿਆ ਕਿ ਉਹ ਸਾਲ ਵਿੱਚ ਤਿੰਨ ਫਸਲਾਂ ਲੈਂਦੇ ਹਨ ਜਿਸ ਨਾਲ ਫ਼ਸਲੀ ਵਿਭਿੰਨਤਾ ਵੱਲ ਵੀ ਵਧ ਰਹੇ ਹਨ। ਓਹਨਾਂ ਕੋਲ ਕਰੀਬ 21 ਏਕੜ ਜ਼ਮੀਨ ਆਪਣੀ ਮਾਲਕੀ ਵਾਲੀ ਹੈ ਜਦਕਿ ਬਾਕੀ ਠੇਕੇ 'ਤੇ ਲੈਂਦੇ ਹਨ।
ਓਨ੍ਹਾਂ ਦੱਸਿਆ ਕਿ ਉਹ ਆਲੂਆਂ ਦੀ ਸਪਲਾਈ ਲੇਜ਼ ਆਦਿ ਬਣਾਉਣ ਵਾਲੀਆਂ ਨੋਇਡਾ ਸਥਿਤ ਵੱਡੀਆਂ ਫਰਮਾਂ ਨੂੰ ਕਰਦੇ ਹਨ। ਓਹਨਾਂ ਨੂੰ ਆਲੂਆਂ ਦੇ ਮੰਡੀਕਰਨ ਦੀ ਵੀ ਕਦੇ ਸਮੱਸਿਆ ਨਹੀਂ ਆਈ ਅਤੇ ਭਾਅ ਵਧੀਆ ਮਿਲਦਾ ਹੈ।
ਓਹਨਾਂ ਕਿਹਾ ਕਿ ਇਸ ਵਾਰ ਪਰਾਲੀ ਦੀ ਕਾਫੀ ਮੰਗ ਹੈ ਅਤੇ ਜ਼ਿਲ੍ਹੇ ਵਿਚ ਬੇਲਰ ਵੀ ਵੱਡੀ ਗਿਣਤੀ ਵਿਚ ਹਨ। ਓਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਨੂੰ ਅੱਗ ਲਾਉਣ। ਪਰਾਲੀ ਨੂੰ ਅੱਗ ਲਾਉਣ ਨਾਲ ਜਿੱਥੇ ਜ਼ਮੀਨ ਦੇ ਮਿੱਤਰ ਕੀੜੇ ਮਰਦੇ ਹਨ, ਓਥੇ ਮਨੁੱਖੀ ਸਿਹਤ, ਜੀਵ ਜੰਤੂਆਂ ਅਤੇ ਵਾਤਾਵਰਨ 'ਤੇ ਵੀ ਮਾੜਾ ਅਸਰ ਪੈਂਦਾ ਹੈ।


No comments:
Post a Comment